logo
DASMESH PUBLIC SCHOOL
Chak Alla Baksh, GT Road, Mukerian, Punjab-144211
 
Chairman’s Message  

                                            ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥

             ਕੁਝ ਦਹਾਕੇ ਪਹਿਲਾਂ ਉੱਚ-ਪੱਧਰੀ ਵਿੱਦਿਆ ਪ੍ਰਾਪਤੀ ਲਈ ਪੱਛੜੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਵੱਡੇ ਸ਼ਹਿਰਾਂ ਤੱਕ ਪਹੁੰਚ ਕਰਨੀ ਪੈਂਦੀ ਸੀ। ਮੁਕੇਰੀਆਂ ਵਿੱਚ ਇਸ ਘਾਟ ਦੀ ਪੂਰਤੀ ਲਈ 1992 ਵਿੱਚ ‘ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ’ ਹੋਂਦ ਵਿੱਚ ਆਇਆ। ਜਿਸਨੇ ਮੁਕੇਰੀਆਂ ਵਿੱਚ ਅੰਗਰੇਜ਼ੀ ਮਾਧਿਅਮ ਦਾ ਉੱਚ-ਪੱਧਰੀ ਵਿਦਿਆਲਾ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਮੁਕੇਰੀਆਂ ਵਰਗੇ ਪੱਛੜੇ ਇਲਾਕੇ ਵਿੱਚ ਵੀ ਉੱਚ-ਪੱਧਰੀ ਵਿੱਦਿਆ ਪ੍ਰਾਪਤ ਕੀਤੀ ਜਾ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਮੁਖਵਾਕ ‘ਸੁਭ ਕਰਮਨ ਤੇ ਕਬਹੂੰ ਨ ਟਰੋਂ’ ਅਨੁਸਾਰ ਅਕਾਲਪੁਰਖ ਜੀ ਦੀ ਰਹਿਮਤ ਸਦਕਾ ਪਿੰਡ ਚੱਕ ਅੱਲ੍ਹਾ ਬਖਸ਼ ਦੀ ਪੰਚਾਇਤ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਅਪ੍ਰੈਲ 1993 ਵਿੱਚ ਦਸਮੇਸ਼ ਪਬਲਿਕ ਸਕੂਲ ਦੀ ਸਥਾਪਨਾ ਹੋਈ, ਜਿਸ ਦਾ ਨੀਂਹ ਪੱਥਰ ਭਾਰਤ ਦੇ ਪ੍ਰਸਿੱਧ ਵਿਗਿਆਨੀ ਡਾ. ਖੇਮ ਸਿੰਘ ਗਿੱਲ (ਸਾਬਕਾ ਉਪ ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਵੱਲੋਂ ਆਪਣੇ ਕਰ-ਕਮਲਾਂ ਨਾਲ ਰੱਖਿਆ ਗਿਆ।

                ਇਸ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ-ਪੱਧਰੀ ਵਿੱਦਿਆ ਦੇ ਨਾਲ ਨਾਲ ਗੁਰਮਤਿ ਦੇ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਸਰਬ-ਸਾਂਝੀਵਾਲਤਾ, ਭਰਾਤਰੀਭਾਵ, ਸਰਬੱਤ ਦਾ ਭਲਾ, ਚੜ੍ਹਦੀਕਲਾ, ਸੇਵਾ ਅਤੇ ਸਿਮਰਨ ਜਿਹੇ ਸਰਵਉੱਚ ਮਨੁੱਖੀ ਗੁਣ ਪੈਦਾ ਕਰਕੇ ਸਰਵਪੱਖੀ ਵਿਕਾਸ ਕਰਨਾ ਹੈ।

                ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਤਕਨੀਕ ਦੀ ਗਤੀ ਸਿਖਰਾਂ ਛੋਹ ਰਹੀ ਹੈ ਉੱਥੇ ਹੀ ਮਨੁੱਖੀ ਮਾਨਸਿਕਤਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਸਮਾਜ ਵਿੱਚ ਕਈ ਤਰ੍ਹਾਂ ਦਾ ਨਿਘਾਰ ਉੱਭਰ ਕੇ ਸਾਹਮਣੇ ਆਇਆ। ਇਹਨਾਂ ਸਾਰੀਆਂ ਚੁਣੌਤੀਆਂ ਨੂੰ ਵੀ ਅਦਾਰੇ ਵੱਲੋਂ ਸਵੀਕਾਰ ਕੀਤਾ ਗਿਆ। ਇੱਕ ਨਰੋਆ ਸਮਾਜ ਸਿਰਜਣ ਵਿੱਚ ਵਿੱਦਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵੀ ਮੁੱਲਾਂ ਬਾਰੇ ਜਾਗਰੂਕ ਕਰਨ ਲਈ ਅਦਾਰਾ ਸਦਾ ਵਚਨਬੱਧ ਹੈ ਅਤੇ ਰਹੇਗਾ।

                ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕਰਦਾ ਹਾਂ ਕਿ ਦੇਸ਼ ਨੂੰ ਉੱਚ ਕਦਰਾਂ ਕੀਮਤਾਂ ਜਿਹੇ ਗੁਣਾਂ ਨਾਲ ਭਰਪੂਰ ਇੰਨਸਾਨ ਸਮਰਪਿਤ ਕਰਕੇ ਅਸੀਂ ਆਪਣੇ ਉਦੇਸ਼ ਵਿੱਚ ਕਾਮਯਾਬੀ ਹਾਸਲ ਕਰਦੇ ਰਹੀਏ।

ਵਾਹਿਗੁਰੂ ਜੀ ਕਾ ਖ਼ਾਲਸਾ

ਵਾਹਿਗੁਰੂ ਜੀ ਕੀ ਫ਼ਤਹਿ॥

ਸ. ਰਵਿੰਦਰ ਸਿੰਘ ਚੱਕ
(ਚੇਅਰਮੈਨ)