Chairman's Message
Chairman's Message

'ਫੈਲੇ ਵਿਦਿਆ ਚਾਨਣ ਹੋਇ'

ਮੁਕੇਰੀਆਂ ਵਰਗੇ ਪਛੜੇ ਖੇਤਰ ਵਿੱਚ ਜਿੱਥੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਿਆਰੀ ਵਿੱਦਿਅਕ ਅਦਾਰੇ ਦੀ ਹੋਂਦ ਨਾਂਹ ਦੇ ਬਰਾਬਰ ਸੀ। ‘ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਚੱਕ ਅੱਲਾ ਬਖਸ਼’ ਨੇ 1992 ਵਿੱਚ ਇਕ ਸੁਪਨਾ ਬੁਣਿਆ। ਜਿਸ ਦਾ ਮਕਸਦ ਇਲਾਕੇ ਵਿੱਚ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦੀ ਸਖਸ਼ੀਅਤ ਨੂੰ ਸੰਤੁਲਿਤ ਅਤੇ ਹੁਨਰਮੰਦ ਬਣਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ ‘ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਅਨੁਸਾਰ ਸਤਿਗੁਰ ਦੀ ਅਪਾਰ ਬਖ਼ਸ਼ਿਸ਼ ਨਾਲ, 1992 ਨੂੰ ਪਿੰਡ ਚੱਕ ਅੱਲਾ ਬਖ਼ਸ਼ ਦੀ ਪੰਚਾਇਤ ਵਲੋਂ ਭੇਟ ਕੀਤੀ ਗਈ ਜ਼ਮੀਨ ਅਤੇ ਪਿੰਡ ਵਾਸੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਦਸਮੇਸ਼ ਪਬਲਿਕ ਸਕੂਲ (ਇੰਗਲਿਸ਼ ਮੀਡੀਅਮ) ਅਪਰੈਲ, 1993 ਵਿੱਚ ਹੋਂਦ ਵਿੱਚ ਆਇਆ, ਜਿਸ ਦਾ ਨੀਂਹ ਪੱਥਰ ਭਾਰਤ ਦੇ ਮਹਾਨ ਵਿਗਿਆਨੀ ਡਾ. ਖੇਮ ਸਿੰਘ ਗਿੱਲ (ਉਪ ਕੁਲਪਤੀ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ) ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਅੱਜ ਇਹ ਸਕੂਲ +2 ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ) ਤੱਕ ਚੱਲ ਰਿਹਾ ਹੈ ਅਤੇ ਇਸ ਦੀ ਅਤਿ ਆਧੁਨਿਕ ਸਹੂਲਤਾਂ ਨਾਲ ਲੱੈਸ ਇਮਾਰਤ ਪੰਜਾਬ ਦੇ ਚੋਣਵੇਂ ਸਕੂਲਾਂ ਵਿੱਚੋਂ ਇਕ ਬਣ ਗਈ ਹੈ। ਪਹਿਲਾ ਸੈਸ਼ਨ 1993-94 ਤੋਂ ਸ਼ੁਰੂ ਹੋ ਕੇ 2016-17 ਤੱਕ ਕੁੱਲ ਚੌਵੀ ਸੈਸ਼ਨ ਇਹ ਸੰਸਥਾ ਸੰਪੂਰਨ ਕਰ ਚੁੱਕੀ ਹੈ। ਇੰਨੇ ਵਰ੍ਹਿਆਂ ਦੌਰਾਨ ਇਸ ਸੰਸਥਾ ਨੇ ਵਿੱਦਿਅਕ ਖੇਤਰ ਦੇ ਨਾਲ਼-ਨਾਲ਼ ਖੇਡਾਂ ਅਤੇ ਕਈ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਅਨੇਕਾਂ ਮੱਲਾਂ ਮਾਰੀਆਂ ਹਨ ਅਤੇ ਸਫ਼ਲਤਾਵਾਂ ਦਾ ਇਹ ਸਫ਼ਰ ਨਿੰਰਤਰ ਜਾਰੀ ਹੈ।

ਇਸ ਸੰਸਥਾ ਦਾ ਮੁੱਖ ਉਦੇਸ਼ ਇਲਾਕੇ ਦੇ ਬੱਚਿਆਂ ਨੂੰ ਗੁਰਮਤਿ ਦੇ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਸਾਂਝੀਵਾਲਤਾ, ਭਰਾਤਰੀਭਾਵ, ਸਰਬੱਤ ਦੇ ਭਲੇ, ਚੜ੍ਹਦੀ ਕਲਾ, ਸੇਵਾ ਅਤੇ ਸਿਮਰਨ ਜਿਹੇ ਸਰਵ-ੳੁੱਚ ਮਨੁੱਖੀ ਗੁਣਾ ਨਾਲ ਓਤ-ਪ੍ਰੋਤ ਕਰਨਾ ਹੈ। ਅਜੋਕੇ ਸਮਾਜ ਵਿੱਚ ਸੰਚਾਰ ਸਾਧਨਾਂ ਅਤੇ ਤਕਨੀਕ ਦੀ ਤੇਜ਼ ਗਤੀ ਨਾਲ਼ ਹੋ ਰਹੇ ਵਿਕਾਸ ਕਾਰਨ ਮਨੁੱਖੀ ਮਾਨਸਿਕਤਾ ਖੰਡਿਤ ਹੋ ਰਹੀ ਹੈ ਜਿਸ ਦੀ ਵਜ੍ਹਾ ਕਾਰਨ ਅੱਜ ਦੇ ਬੱਚਿਆਂ ਨੂੰ ਸੰਤੁਲਿਤ ਸਖਸ਼ੀਅਤ ਦੇ ਵਿਕਾਸ ਲਈ ਅਨੇਕਾਂ ਚੁਣੌਤੀਆਂ ਦੇ ਦਰਪੇਸ਼ ਹੋਣਾ ਪੈ ਰਿਹਾ ਹੈ। ਸਮੂਹ ਦਸਮੇਸ਼ ਪਰਿਵਾਰ ਨੇ ਹਮੇਸ਼ਾਂ ਇਹਨਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਸਦਾ ਸਹੀ ਸੇਧ ਦੇ ਕੇ ਮਾਨਵੀ ਮੁੱਲਾਂ ਪ੍ਰਤੀ ਜਾਗਰੂਕ ਕਰਵਾਇਆ ਹੈ। ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵੀ ਮੁੱਲਾਂ ਨੂੰ ਕੇਂਦਰ ਵਿੱਚ ਰੱਖ ਕੇ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਕਰਨ ਲਈ ਇਹ ਅਦਾਰਾ ਸਦਾ ਵਚਨ ਬੱਧ ਹੈ ਅਤੇ ਭਵਿੱਖ ਵਿੱਚ ਵੀ ਰਾਸ਼ਟਰ ਦੀ ਸੇਵਾ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਨਾਗਰਿਕ ਅਰਪਿਤ ਕਰਨ ਲਈ ਯਤਨਸ਼ੀਲ ਰਹੇਗਾ। ਮੈਂ ਪਰਮਾਤਮਾ ਦਾ ਸ਼ੁਕਰਗੁਜਾਰ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਜਾਗਰੂਕ ਮਾਪਿਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਅਦਾਰਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ।

ਵਾਹਿਗੂਰੁ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਸ. ਰਵਿੰਦਰ ਸਿੰਘ
( ਚੇਅਰਮੈਨ )